ਭਾਰਤੀ ਅੰਗਰੇਜ਼ੀ ਸਾਹਿਤ ਦੀ ਗੂੜੀ ਸੱਤਰ: ਅਨੀਤਾ ਦਿਸਾਈ


ਜਦੋਂ ਅਸੀਂ ਭਾਰਤੀ ਮਹਿਲਾ ਸਾਹਿਤਕਾਰਾਂ ਦੁਆਰਾ ਰਚੇ ਅੰਗਰੇਜ਼ੀ ਅਦਬ ’ਤੇ ਨਿਗਾਹ ਮਾਰਦੇ ਹਾਂ ਤਾਂ ਅਨੀਤਾ ਦਿਸਾਈ ਦਾ ਨਾਮ ਸਾਨੂੰ ਇੰਝ ਉਘੜਿਆ ਦਿਸਦਾ ਹੈ, ਜਿਵੇਂ ਕਿਸੇ ਇਬਰਾਤ ਵਿੱਚ ਲਿਖੀ ਹੋਈ ਬੋਲਡ ਲਾਇਨ (ਗੂੜੀ ਸੱਤਰ) ਅੱਡਰੀ ਹੀ ਨਜ਼ਰ ਆ ਜਾਂਦੀ ਹੈ। ਪਿਛਲੇ ਦੋ ਦਹਾਕਿਆਂ ਤੋਂ ਅਨੀਤਾ ਨੇ ਸਿਰਫ਼ ਭਾਰਤੀ ਹੀ ਨਹੀਂ ਬਲਕਿ ਅੰਤਰਰਾਸ਼ਟਰੀ ਪਾਠਕਾਂ (ਖਾਸ ਕਰਕੇ ਅੰਗਰੇਜ਼ ਪਾਠਕਾਂ) ਦੇ ਮਨਾ ਵਿੱਚ ਆਪਣੇ ਲਈ ਇੱਕ ਖਾਸ-ਮ-ਖਾਸ ਮੁਕਾਮ ਪੈਦਾ ਕਰ ਲਿਆ ਹੈ। 

ਬੰਗਾਲੀ ਬਾਪ ਅਤੇ ਜਰਮਨ ਮਾਂ ਦੀ ਉਜਰ ਤੋਂ 1937 ਵਿੱਚ ਮਸੂਰੀ (ਉਤਰ ਪ੍ਰਦੇਸ਼) ਵਿਖੇ ਜਨਮੀ ਅਨੀਤਾ ਦਿਸਾਈ ਨੇ ਦਿੱਲੀ ਤੋਂ ਆਪਣੀ ਸਾਰੀ ਸਿੱਖਿਆ ਪ੍ਰਾਪਤ ਕੀਤੀ ਹੈ। ਉਹ ਸ਼ਾਦੀਸ਼ੁਦਾ ਅਤੇ ਚਾਰ ਬੱਚਿਆਂ(ਕਿਰਨ, ਤਨੀ, ਅਰਜੁਨ ਅਤੇ ਰਾਹੁਲ ) ਦੀ ਮਾਂ ਹੈ। ਅਨੀਤਾ ਆਪਣਾ ਕੀਮਤੀ ਸਮਾਂ ਬੜੀ ਸਮਝਦਾਰੀ ਨਾਲ ਦਿੱਲੀ, Massachusetts,  ਬੌਸਟਨ, ਅਤੇ ਕੈਂਬਰਿਜ ਵਿੱਚ ਤਕਸੀਮ ਕਰਕੇ ਬੀਤਾਉਂਦੀ ਹੈ। ਪਰ  ਪੱਕੇ ਤੌਰ ’ਤੇ ਉਹ ਭਾਰਤ ਵਿੱਚ ਹੀ ਰਹਿੰਦੀ ਹੈ। ਮੌਜੂਦਾ ਸਮੇਂ ਉਹ ਐਮ ਆਈ ਟੀ ਵਿਖੇ ਲਿਖਤੀ ਪ੍ਰੋਗਰਾਮਾਂ ਦੇ ਨਿਰਮਾਣ ਦੀ ਅਧਿਆਪਿਕਾ ਹੈ। ਪਰਿਵਾਰਿਕ ਅਤੇ ਰੋਜ਼ਗਾਰੀ ਰੁਝੇਵਿਆਂ ਵਿੱਚੋਂ ਵਕਤ ਚੁਰਾ ਕੇ ਅਨੀਤਾ ਸ਼ੌਕੀਆ ਤੌਰ ’ਤੇ ਸਾਹਿਤ ਸਿਰਜਣਾ ਦੇ ਖੇਤਰ ਵਿੱਚ ਕੁੱਦੀ ਸੀ। ਪਰ ਆਪਣੀ ਲਗਨ, ਮਿਹਨਤ ਅਤੇ ਕਲਾ ਦੇ ਬੱਲਬੁੱਤੇ ਉਸਨੇ ਨਾ ਸਿਰਫ਼ ਇਵਜ਼ਾਨੇ ਦੀਆਂ ਭਾਰੀ ਰਕਮਾਂ ਵਸੂਲ ਕੀਤੀਆਂ। ਬਲਕਿ ਦੁਨੀਆਂ ਦੇ ਬਹੁਤ ਸਾਰੇ ਮੁੱਲਖਾਂ ਦੀ ਮੁਫ਼ਤ ਸੈਰ ਵੀ ਕੀਤੀ।


ਅਨੀਤਾ ਨੇ ਨਾਵਲਾਂ ਅਤੇ ਕਹਾਣੀਆਂ ਤੋਂ ਇਲਾਵਾ ਅਨੇਕਾਂ ਬਾਲ ਪੁਸਤਕਾਂ ਦੀ ਰਚਨਾ ਕੀਤੀ। ਜਿਨ੍ਹਾਂ ਵਿਚੋਂ ਬਹੁਤੀਆਂ ਤਾਂ ਪੈਗੂਇਨ ਬੁੱਕਸ ਵੱਲੋਂ ਛਾਪੀਆਂ ਗਈਆਂ ਹਨ। ਅਨੀਤਾ, ਜੰਗ ਅਤੇ ਭਾਰਤ-ਪਾਕਿ ਵੰਡ ਦੇ ਲੋਕਾਂ ਉਤੇ ਪਏ ਪ੍ਰਭਾਵਾਂ ਨੂੰ ਆਪਣੀਆਂ ਰਚਨਾਵਾਂ ਦੇ ਕੇਂਦਰੀ ਥੀਮ ਵਜੋਂ ਇਸਤੇਮਾਲ ਕਰਦੀ ਹੈ। ਸ਼ਹਿਰੀ ਅਤੇ ਗ੍ਰਾਮੀਣ ਜ਼ਿੰਦਗੀ ਦਾ ਚਿਤਰਣ ਕਰਨ ਵਿੱਚ ਉਹਦੀ ਇਕੋ ਜਿੰਨੀ ਪਕੜ ਹੈ। ਅਨੀਤਾ ਦੇ ਰਚੇ ਸਾਹਿਤ ਵਿੱਚ  ਬਾਕੀ ਸਾਹਿਤਕਾਰਾਂ ਨਾਲੋਂ ਵਿਲੱਖਣ ਗੱਲ ਇਹ ਹੈ ਕਿ ਉਹ ਕੁਦਰਤੀ ਨਜ਼ਾਰਿਆਂ ਅਤੇ ਪਸ਼ੂ-ਪੰਛੀਆਂ ਨੂੰ ਆਪਣੇ ਪਾਤਰਾਂ ਦੀਆਂ ਖਸਲਤਾਂ ਬਿਆਨ ਕਰਨ ਲਈ ਪ੍ਰਤੀਕਾਤਮਕ ਰੂਪ ਵਿੱਚ ਬੜੀ ਨਿਪੁੰਨਤਾ ਨਾਲ ਵਰਤਦੀ ਹੈ।
ਅਨੀਤਾ ਦੀਆਂ ਰਚਨਾਵਾਂ ਦੇ ਅਧਿਐਨ ਵਿੱਚੋਂ ਲੰਘ ਕੇ Anthony Thwaite  ਨੇ ਓਬਜ਼ਰਬਰ ਅਖਬਾਰ ਵਿੱਚ ਅਨੀਤਾ ਦੀਆਂ ਲਿਖਤ ਬਾਰੇ ਲਿੱਖਿਆ ਸੀ, “ਇੱਕ ਸੱਚੀ ਅਤੇ ਸੁੱਚੀ ਕਲਮ ਜੋ ਮੈਨੂੰ ਗਲਪ ਸਾਹਿਤ ਵਿੱਚ ਬੜੇ ਅਰਸੇ ਬਾਅਦ ਦੇਖਣ ਨੂੰ ਮਿਲੀ ਹੈ।”

ਅਨੀਤਾ ਦਿਸਾਈ ਦੀਆਂ ਕੁੱਝ ਚੋਣਵੀਆਂ ਪੁਸਤਕਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:- 
Cry, the Peacock (1963),Voices of the City (1965), Bye-Bye, Blackbird(1971), Where shall we go this Summer? (1975), Fire on the Mountain (1977), Games at twilight (1978), The clear light of day (1980), In custody (1984), Baumgartner’s Bombay(1988), Journey to Ithaca.

ਅਨੀਤਾ ਦਾ ਨਾਵਲ ਦੀ ਕਲੀਅਰ ਲਾਈਟ ਔਫ ਡੇਅ 1980 ਵਿੱਚ ਬੁੱਕਰ ਪੁਰਸਕਾਰ ਲਈ ਸ਼ੌਰਟਲਿਸਟ ਹੋਇਆ ਸੀ। 
ਫਾਇਰ ਔਨ ਦੀ ਮਾਊਂਟੇਨ ਲਈ ਉਹ ਰਾਇਲ ਸੋਸਾਇਟੀ ਔਫ ਲਿਟਰੇਚਰ ਦੇ ਪੁਰਸਕਾਰ Winifred Holtby Memorial Prize ਅਤੇ ਰਾਸ਼ਟਰੀ ਅਕਦਾਮੀ ਦੇ ਪੱਤਰ ਇਨਾਮ ਪ੍ਰਾਪਤ ਕਰ ਚੁੱਕੀ ਹੈ। ਇਸੇ ਨਾਵਲ ਨੂੰ ਬਲੈਕ ਮੌਰਿਸਨ ਨੇ  ਇੰਡੀਅਨ ਨਾਵਲਿਸਟ ਦੁਆਰਾ ਅੰਗਰੇਜ਼ੀ ਵਿੱਚ ਰਚਿਆ ਇੱਕ ਸ਼ਾਹਕਾਰ ਨਾਵਲ ਆਖਿਆ ਸੀ। 
ਇੰਨ ਕਸਟਡੀ ਵੀ 1984 ਵਿੱਚ ਸ਼ੌਰਟਲਿਸਟ ਹੋ ਚੁੱਕਿਆ ਸੀ। ਪਿਛਲੇ ਕੁੱਝ ਸਮੇਂ ਤੋਂ ਕਾਫ਼ੀ ਪ੍ਰਸਿੱਧੀ ਖੱਟ ਚੁੱਕੇ ਅਤਿ ਮਕਬੂਲ ਨਾਵਲਨਿਗਾਰ ਸ੍ਰੀ ਮਾਨ ਸਲਮਾਨ ਰਸ਼ਦੀ ਸਾਹਿਬ  ਨੇ ਇੰਨ ਕਸਟਡੀ ਨੂੰ ਵਰ੍ਹਿਆਂ ਤੱਕ ਯਾਦ ਰੱਖਿਆ ਜਾਣ ਵਾਲਾ ਇੱਕ  ਬੇਹਤਰੀਨ ਨਾਵਲ ਆਖਿਆ ਹੈ। ਇਸੇ ਹੀ ਨਾਵਲ ਉਤੇ ਮਰਚੈਂਟ ਇੱਵਰੀ ਪ੍ਰੋਡੰਕਸ਼ਨ ਵੱਲੋਂ ਡਰਾਮਾ ਫਿਲਮ ਵੀ ਬਣਾਈ ਗਈ ਹੈ। ਇੱਕ ਲੇਖਕ ਦੀ ਨਿੱਜੀ ਜ਼ਿੰਦਗੀ ਦੇ ਸੰਘਰਸ਼ ਨੂੰ ਬੜੀ ਖੂਬਸੁਰਤੀ ਨਾਲ ਅਨੀਤਾ ਨੇ ਇਸ ਨਾਵਲ ਵਿੱਚ ਦਰਸਾਇਆ ਹੈ। ਮੀਰਪੁਰ ਵਰਗੇ ਛੋਟੇ ਜਿਹੇ ਕਸਬੇ ਵਿੱਚ ਰਹਿਣ ਵਾਲੇ ਅਧਿਆਪਕ  ਅਤੇ ਲੇਖਕ ਦੀਵਾਨ ਨੂੰ ਉਸਦਾ ਸੰਪਾਦਕ ਮਿੱਤਰ ਮੁਰਾਦ ਇੱਕ ਪ੍ਰਸਿੱਧ ਸ਼ਾਇਰ ਨੂਰ ਦੀ ਪਰਚੇ ਲਈ ਮੁਲਾਕਾਤ ਕਰਨ ਵਾਸਤੇ ਦਿੱਲੀ ਲੈ ਜਾਂਦਾ ਹੈ। ਉਸ ਤੋਂ ਉਪਰੰਤ ਦੀਵਾਨ ਦੀਆਂ ਸਮੱਸਿਆਵਾਂ ਅਤੇ ਕਠਿਨ ਪ੍ਰਸਥਿਤੀਆਂ ਵਿੱਚ ਕੈਦ ਹੋਣ ਦੀਆਂ ਘਟਨਾਵਾਂ ਦੇ ਵਿਵਰਣ ਦੀ ਤ੍ਰਾਸਦੀਕ ਕਥਾ ਹੈ, ਇੰਨ ਕਸਟਡੀ।
ਦੀ ਵਿਲੇਜ਼ ਬਾਏ ਦਾ ਸੀਅ ਅਨੀਤਾ ਦੀ ਕਹਾਣੀਆਂ ਦੀ ਕਿਤਾਬ ਨੂੰ ਸਰਵੋਤਮ ਬਾਲ ਗਲਪ ਪੁਸਤਕ ਕਰਾਰ ਦੇ ਕੇ 1982 ਦਾ ਗਾਰਡੀਅਨ ਪੁਰਸਕਾਰ ਦਿੱਤਾ ਜਾ ਚੁੱਕਾ ਹੈ।
ਵਿਕਟੋਰੀਆ ਗਲੈਡਨਿੰਗ, ਨੇ ਸੰਡੇ ਟਾਇਮਜ਼ ਅਖਬਾਰ ਵਿੱਚ ਅਨੀਤਾ ਦਿਸਾਈ ਮੁਤਅੱਲਕ ਜ਼ਿਕਰ ਕਰਦਿਆਂ ਇੱਕ ਮਰਤਬਾ ਲਿਖਿਆ ਸੀ, ਅਨੀਤਾ ਨਚਾਰ ਜਾਂ ਘੋੜ ਸਵਾਰਾਂ ਵਰਗੀ ਕਲਮਕਾਰਾ ਹੈ, ਜੋ ਕਲਾ ਨੂੰ ਅਸਾਨ ਅਤੇ ਦਿਲਚਸਪ ਬਣਾ ਕੇ ਪੇਸ਼ ਕਰਦੀ ਹੈ।
ਅਨੀਤਾ ਦਿਸਾਈ ਦੁਆਰਾ ਆਪਣੀਆਂ ਰਚਨਾਵਾਂ ਵਿੱਚ ਕਰਿਆ ਗਿਆ ਦ੍ਰਿਸ਼ ਚਿੱਤਰਣ ਕਮਾਲ ਦਾ ਹੁੰਦਾ ਹੈ। ਉਸਦੀ ਕਹਾਣੀ Private tuition by Mr. Bose ਪੜ੍ਹਦਿਆਂ ਮੈਨੂੰ ਇਉਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਵੀ ਮਿਸਟਰ ਬੋਸ ਦੀ ਗੈਲਰੀ ਵਿੱਚ ਬੈਠਾ ਉਸ ਕੋਲੋਂ ਸੰਸਕ੍ਰਿਤ ਸਬਕ ਲੈ ਰਿਹਾ ਹੋਵਾਂ। ਇਸੇ ਹੀ ਪ੍ਰਕਾਰ The farewell party ਕਥਾ ਵਿੱਚ ਉਹ ਪਾਤਰਾ ਬੀਨਾ ਲਈ ਆਯੋਜਿਤ ਕੀਤੇ ਗਏ ਵਿਦਾਇਗੀ ਸਮਾਹੋਰ ਦੀ ਹੈਰਤਅੰਗੇਜ਼ ਦ੍ਰਿਸ਼ਕਸ਼ੀ ਕਰਦੀ ਹੈ।
ਅਨੀਤਾ ਦਿਸਾਈ ਰਾਸ਼ਟਰੀ ਅੰਗਰੇਜ਼ੀ ਸਾਹਿਤ ਅਕੈਡਮੀ ਦੀ ਦਿੱਲੀ ਸ਼ਾਖਾ ਦੀ ਵਿਸ਼ੇਸ਼ ਸਲਾਹਕਾਰਾ ਹੈ ਅਤੇ  ਰਾਇਲ ਸੁਸਾਇਟੀ ਔਫ ਲਿਟਰੇਚਰ, ਲੰਡਨ ਨਾਲ ਵੀ ਸੰਬੰਧਿਤ ਹੈ।1994 ਵਿੱਚ ਨੀਲ ਗੱਨ ਇੰਟਰਨੈਸ਼ਨਲ ਤੋਂ ਉਸਨੂੰ ਫੈਲੋਸਿਪ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਕੈਂਬਰਿਜ ਦੇ ਗਿਰਟਨ ਕਾਲਿਜ਼ ਵੱਲੋਂ ਅਨੀਤਾ ਨੂੰ ਇੱਕ ਸਾਲ ਦੀ ਮਿਆਦ ਲਈ ਖਾਸ ਨੌਕਰੀ ਵੀ ਦਿੱਤੀ ਗਈ ਸੀ। 
ਨਿੱਤ ਨਵਾਂ ਅਤੇ ਮਾਅਰਕੇ ਦਾ ਸਾਹਿਤ ਸਿਰਜ ਰਹੀ ਅਨੀਤਾ ਦਿਸਾਈ ਦੀ ਸੰਦਲੀ ਕਲਮ ਨੂੰ ਅਦਬੀ ਸਲਾਮ!
ਨੋਟ: ਇਹ ਲੇਖ ਕੁਝ ਵਰ੍ਹੇ ਪਹਿਲਾਂ ਲਿਖਿਆ ਗਿਆ ਹੈ। 

No comments:

Post a Comment