ਮਾਂ ਦੀ ਮਮਤਾ ਬਨਾਮ ਪਿਉ ਦਾ ਪਿਆਰ

ਸਾਡੇ ਸਮਾਜ ਵਿੱਚ ਬੱਚੇ ਦੇ ਪੈਦਾ ਹੋਣ ਤੋਂ ਲੈ ਕੇ ਉਸ ਦੇ ਬਾਲਗ  ਹੋਣ ਤੱਕ ਦੀ ਪਰਵਰਿਸ਼ ਦਾ ਸਾਰਾ ਕਰੈਡਿਟ (ਸਿਹਰਾ) ਮਾਂ ਨੂੰ ਦੇ ਦਿੱਤਾ ਜਾਂਦਾ ਹੈ। ਭਾਵੇਂ ਕਿ ਇਕਲੀ ਮਾਂ ਨੇ ਹੀ ਬੱਚੇ ਦਾ ਪਾਲਣ ਪੋਸ਼ਣ ਨਹੀਂ ਕੀਤਾ ਹੁੰਦਾ, ਉਸ ਵਿੱਚ ਬਾਪ ਦਾ ਵੀ ਬਰਾਬਰ ਦਾ ਯੋਗਦਾਨ ਹੁੰਦਾ ਹੈ। ਪਰ ਅਕਸਰ ਸਾਡੇ ਮੁਆਸ਼ਰੇ ਦੀ ਸੋਚ ਪਤਾ ਨਹੀਂ ਕਿਉਂ ਪਿਉ ਦੀ ਘਾਲਣਾ ਨੂੰ ਅਣਡਿੱਠ ਕਰ ਦਿੰਦੀ ਹੈ। ਲੋਕਾਂ ਦੀ ਅਜਿਹੀ ਸੋਚ ਦੇ ਨਾਲ ਸਥਾਪਤ ਹੋਈਆਂ ਧਾਰਨਾਵਾਂ ਉੱਤੇ ਹੀ ਆਧਾਰਤ ਹੁੰਦੇ ਹਨ ਉਹ ਕਾਨੂੰਨ ਜੋ ਮਾਂ-ਬਾਪ ਅਤੇ ਬੱਚਿਆਂ ਦੇ ਮਾਮਲੇ ਅਤੇ ਮਸਲਿਆਂ ਦਾ ਨਿਪਟਾਰਾ ਕਰਨ ਲਈ ਬਣਾਏ ਗਏ ਹੁੰਦੇ ਹਨ। 

ਸੁਆਲ ਤਾਂ ਇਹ ਪੈਦਾ ਹੁੰਦਾ ਹੈ ਕਿ ਕੀ ਇੱਕ ਔਰਤ ਮਰਦ ਦੇ ਸਹਿਯੋਗ ਤੋਂ ਬਿਨਾਂ ਇਕਲੀ ਬੱਚਾ ਪੈਦਾ ਕਰ ਸਕਦੀ ਹੈ? ਹਾਂ, ਇਹ ਗੱਲ ਵਖਰੀ ਹੈ ਕਿ ਬਹੁਤ ਸਾਰੀਆਂ ਮਾਵਾਂ, ਪਿਤਾ ਦੇ ਸਹਿਯੋਗ ਤੋਂ ਬਿਨਾਂ ਬੱਚੇ ਨੂੰ ਪਾਲ ਲੈਂਦੀਆਂ ਹਨ। ਪਰ ਬਾਪ ਦੇ ਪਿਆਰ-ਦੁਲਾਰ
ਤੋਂ ਵਾਂਝੇ ਰਹੇ ਬੱਚਿਆਂ ਦਾ ਦੁੱਖ ਤਾਂ ਉਹੀ ਸਮਝ ਸਕਦਾ ਹੈ, ਜੋ ਖੁ਼ਦ ਅਜਿਹੀ ਸਥਿਤੀ ਦਾ ਸਿ਼ਕਾਰ ਹੋਇਆ ਹੋਵੇ।

ਬੇਸ਼ਕ ਔਰਤ ਬੱਚੇ ਨੂੰ ਨੌ ਮਹੀਨੇ ਆਪਣੀ ਕੁੱਖ ਅੰਦਰ ਪਾਲਦੀ ਹੈ ਤੇ ਫਿਰ ਪ੍ਰਸੂਤ ਪੀੜਾ ਸਹਿ ਕੇ ਜਨਮ ਦਿੰਦੀ ਹੈ। ਲੇਕਿਨ ਬੱਚੇ ਦੀ ਜੰਮਣ ਪੀੜਾ ਤਾਂ ਮਾਨਸਿਕ ਤੌਰ 'ਤੇ ਬਾਪ ਵੀ ਹੰਢਾਉਂਦਾ ਹੈ। ਇਹਨਾਂ ਪੱਛਮੀ ਮੁਲਕਾਂ ਦੀ ਵਧੀਆ ਗੱਲ ਤਾਂ ਇਹ ਹੈ ਕਿ ਇਥੇ ਬੱਚੇ ਦੇ ਜਨਮ ਸਮੇਂ ਪਿਉ ਨੂੰ ਵੀ ਮਾਂ ਦੇ ਕੋਲ ਮੌਜੂਦ ਰਹਿਣ ਦੀ ਆਗਿਆ ਹੀ ਨਹੀਂ ਦਿੱਤੀ ਜਾਂਦੀ ਹੈ, ਬਲਕਿ ਹਦਾਇਤ ਦਿੱਤੀ ਜਾਂਦੀ ਹੈ। ਮੈਨੂੰ ਯਾਦ ਹੈ ਕਿ ਜਦੋਂ ਮੇਰੇ ਦੋਹਾਂ ਲੜਕਿਆਂ ਦਾ ਜਨਮ ਹੋਇਆ ਤਾਂ ਮੈਂ ਹਸਪਤਾਲ ਦੇ ਜਨੇਪਾਗ੍ਰਹਿ ਵਿੱਚ ਆਪਣੀ ਸਾਬਕਾ ਪਤਨੀ ਦੇ ਨਾਲ ਸੀ। ਉਸ ਨੂੰ ਤਾਂ ਡਾਕਟਰਾਂ ਨੇ ਟੀਕਾ ਲਾ ਕੇ ਲਗਭਗ ਬੇਹੋਸ਼ ਕੀਤਾ ਹੋਇਆ ਸੀ ਤੇ ਗੈਸ ਸੁੰਘਾਈ ਜਾ ਰਹੀ ਸੀ ਤਾਂ ਕਿ ਉਸ ਨੂੰ ਸਰੀਰਕ ਪੀੜਾ ਦਾ ਅਹਿਸਾਸ ਨਾ ਹੋਵੇ। ਲੇਕਿਨ ਮੈਂ ਹੋਸ਼-ਓ-ਹਵਾਸ ਵਿੱਚ ਹੋਣ ਕਰ ਕੇ ਉਸ ਵਕਤ ਹਰ ਪਲ-ਛਿਣ ਪੀੜਾਗ੍ਰਸਤ ਰਿਹਾ। ਬੱਚੇ ਦੇ ਦੁੱਖ-ਸੁੱਖ ਵਿੱਚ ਬਾਪ ਵੀ ਉਨ੍ਹਾਂ ਹੀ ਪ੍ਰਭਾਵਿਤ ਹੁੰਦਾ ਹੈ ਜਿੰਨੀ ਕਿ ਮਾਂ। ਅੱਜਕਲ੍ਹ ਵਿਆਹੁਤਾ ਜੋੜਿਆਂ ਦੇ ਤਲਾਕ ਹੋਣ ਦੀਆਂ ਘਟਨਾਵਾਂ ਆਮ ਹੀ ਹੋ ਗਈਆਂ ਹਨ। ਤਲਾਕ ਉਪਰੰਤ ਜਿਨ੍ਹਾਂ ਦੰਪਤੀ ਜੋੜਿਆਂ ਦੇ ਬੱਚੇ ਹੁੰਦੇ ਹਨ, ਕਾਨੂੰਨੀ ਤੌਰ 'ਤੇ ਬੱਚੇ ਪਰਵਰਿਸ਼ ਲਈ ਮਾਂ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ ਤੇ ਬਾਪ ਨੂੰ ਉਨ੍ਹਾਂ ਦੇ ਗੁਜ਼ਾਰੇ ਲਈ ਖਰਚਾ ਲਗਾ ਦਿੱਤਾ ਜਾਂਦਾ ਹੈ। ਬੱਚੇ 'ਤੇ ਬਾਪ ਦਾ ਵੀ ਬਰਾਬਰ ਦਾ ਅਧਿਕਾਰ ਹੋਣ ਕਰ ਕੇ ਬਾਪ ਨੂੰ ਹਫ਼ਤੇ ਕੇਵਲ ਕੁਝ ਘੰਟਿਆਂ ਲਈ ਆਪਣੀ ਔਲਾਦ ਨੂੰ ਮਿਲਣ ਦੀ ਅਦਾਲਤ ਵੱਲੋਂ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ। 

ਲ਼ੇਕਿਨ ਮੇਰੇ ਦੇਖਣ ਵਿੱਚ ਆਇਆ ਹੈ ਕਿ ਜਿ਼ਆਦਾਤਰ ਕੇਸਾਂ ਵਿੱਚ ਮਾਵਾਂ ਬੱਚੇ ਦੇ ਪਿਤਾ ਨੂੰ ਖੱਜਲ-ਖੁਆਰ ਕਰਨ ਲਈ ਪਿਤਾ ਨੂੰ ਬੱਚੇ ਨਾਲ ਮਿਲਣ ਨਹੀਂ ਦਿੰਦੀਆਂ। ਕੁਝ ਕੇਸ ਤਾਂ ਮੇਰੇ ਦੇਖਣ ਵਿੱਚ ਐਸੇ ਵੀ ਆਏ ਹਨ ਕਿ ਅਦਾਲਤ ਨੇ ਬਾਪ ਲਈ ਬੱਚੇ ਨੂੰ ਮਿਲਣ ਦੀ ਪ੍ਰਵਾਨਗੀ ਦੇ ਕੇ ਸਮਾਂ ਬੰਨ੍ਹਿਆ ਹੁੰਦਾ ਹੈ ਤੇ ਮਾਂ ਬੱਚੇ ਨੂੰ ਮਿਥੇ ਸਮੇਂ ਨਹੀਂ ਪਹੁੰਚਾਉਂਦੀ। ਬੱਚੇ ਨਾਲ ਬਾਪ ਦੇ ਸੰਪਰਕ ਵਿੱਚ ਦੇਰੀ ਕਰਨ ਲਈ ਪਹਿਲਾਂ ਹੀ ਬ੍ਰਤਾਨਵੀ ਕਾਨੂੰਨ ਵਿੱਚ ਕੁਝ ਮੋਰੀਆਂ ਰੱਖੀਆਂ ਗਈਆਂ ਹਨ, ਜਿਨ੍ਹਾਂ ਦਾ ਤਲਾਕਸ਼ੁਦਾ ਸਿਰਫਿਰੀਆਂ ਔਰਤਾਂ ਵੱਲੋਂ ਖੂਬ ਇਸਤੇਮਾਲ ਕੀਤਾ ਜਾਂਦਾ ਹੈ। ਬੱਚੇ ਨਾਲ ਸਰਕਾਰੀ ਤੌਰ 'ਤੇ ਸੰਪਰਕ ਕਰਵਾ ਕੇ ਦੇਣ ਲਈ ਕੈਫਕੈਸ ਨਾਮੀ ਤਨਜ਼ੀਮ ਨੂੰ ਮਾਮਲਾ ਸੌਂਪਿਆ ਜਾਂਦਾ ਹੈ। ਲੇਕਿਨ ਕੈਫਕੈਸ ਵਾਲਿਆਂ ਦੇ ਇੰਨਸਾਫ ਦਾ ਤਰਾਜੂ਼ ਵੀ ਵਧੇਰੇ ਕਰਕੇ ਔਰਤ ਦੇ ਹੱਕ ਵਿੱਚ ਹੀ ਝੁੱਕਦਾ ਹੈ। ਬੱਚੇ ਨੂੰ ਕੇਵਲ ਮਾਂ ਦੀ ਹੀ ਨਹੀਂ ਬਾਪ ਦੀ ਲੋੜ ਵੀ ਹੁੰਦੀ ਹੈ। ਇਸ ਲਈ ਸਮਾਜ ਨੂੰ ਪਿਉ ਪ੍ਰਤੀ ਆਪਣਾ ਸਖ਼ਤ ਰਵੱਈਆ ਬਦਲਨਾ ਚਾਹੀਦਾ ਹੈ। ਔਰਤ ਹਰ ਸਮੇਂ ਅਤੇ ਹਰ ਸਥਿਤੀ ਵਿੱਚ ਅਬਲਾ ਨਹੀਂ ਹੁੰਦੀ। ਅਜੋਕੀ ਔਰਤ ਤਾਂ ਸਬਲਾ ਦਾ ਰੂਪ ਧਾਰਨ ਕਰ ਚੁੱਕੀ ਹੈ। ਉਂਝ ਵੀ ਜ਼ਨਾਨੀਆਂ ਦਾ ਦਿਮਾਗ ਖਰਾਬ ਕਰਨ ਲਈ ਅੱਜਕਲ੍ਹ ਕਾਨੂੰਨੀ ਤੌਰ 'ਤੇ ਹੀ ਉਨ੍ਹਾਂ ਨੂੰ ਬਹੁਤ ਸਾਰੇ ਹੱਕਾਂ ਨਾਲ ਨਿਵਾਜ ਦਿੱਤਾ ਗਿਆ ਹੈ। 
ਤਲਾਕਸ਼ੁਦਾ ਮਰਦਾਂ ਨੂੰ ਉਨ੍ਹਾਂ ਦੇ ਬੱਚਿਆਂ ਨਾਲ ਮਿਲਣ ਦਾ ਹੱਕ ਲੈ ਕੇ ਦੇਣ ਲਈ ਬ੍ਰਤਾਨੀਆਂ ਵਿਚ ਇਕ ਫਾਦਰਜ਼ ਫੌਰ ਜਸਟਿਸ ਨਾਮੀ ਸੰਸਥਾ ਸ਼ਲਾਗਾਯੋਗ ਕੰਮ ਕਰ ਰਹੀ ਹੈ। 

ਬੱਚਿਆਂ ਦੇ ਮਾਮਲੇ ਵਿੱਚ ਕਾਨੂੰਨ ਨੂੰ ਬਾਪ ਨਾਲ ਵੀ ਹਮਦਰਦੀ ਦਿਖਾਉਣੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਤਾਂ ਅਜਿਹੇ ਮਾਮਲਿਆਂ ਨਾਲ ਸਬੰਧਤ ਮਾਵਾਂ ਨੂੰ ਹੀ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਬਾਪ ਨਾਲ ਮਿਲਣ ਦੀ ਆਗਿਆ ਦੇਣ। ਕਿਉਂਕਿ ਅਜਿਹਾ ਨਾ ਕਰ ਕੇ ਉਹ ਆਪਣੇ ਸਾਬਕਾ ਜੀਵਨਸਾਥੀ ਨੂੰ ਤੰਗ ਨਹੀਂ ਕਰ ਰਹੀਆਂ ਹੁੰਦੀਆਂ, ਬਲਕਿ ਬੱਚੇ ਨੂੰ ਵੀ ਸਜ਼ਾ ਦੇ ਰਹੀਆਂ ਹੁੰਦੀਆਂ ਹਨ।

****

No comments:

Post a Comment